Punjabi Poetry Book
Dard Jo Akhar Bane
by- Inderjit Kajal
ਇੰਦਰਜੀਤ ਕਾਜਲ ਦੀ ਕਾਵਿ-ਪੁਸਤਕ ਦਾ ਰੀਵਿਊ
- ਡਾ.ਜਗੀਰ ਸਿੰਘ ਨੂਰ
'ਦਰਦ ਜੋ ਅੱਖਰ ਬਣੇ' ਇੰਦਰਜੀਤ ਕਾਜਲ ਦਾ ਪਲੇਠਾ ਪਰ
ਪੁਖਤਾ ਕਾਵਿ-ਸੰਗ੍ਰਹਿ ਹੈ। ਇਸ ਵਿੱਚ ਕੁੱਲ 39 ਰਚਨਾਵਾਂ
ਅੰਕਿਤ ਹਨ, ਜਿਨ੍ਹਾਂ ਨੂੰ ਅਸੀਂ ਨਜ਼ਮ, ਗੀਤ, ਪ੍ਰਗੀਤ ਅਤੇ
ਗ਼ਜ਼ਲ ਦੇ ਰੂਪਕਾਰਾਂ ਰਾਹੀਂ ਨਿਖੇੜ ਸਕਦੇ ਹਾਂ।
ਪਹਿਲੀ ਕਾਵਿ-ਪੁਸਤਕ ਦੀਆਂ ਰਚਨਾਵਾਂ ਵਿੱਚ ਏਨੀ
ਕਾਵਿ-ਕਲਾ ਦੀ ਨਿਪੁੰਨਤਾ ਘੱਟ ਹੀ ਵੇਖਣ ਨੂੰ ਮਿਲਦੀ ਹੈ।
ਹਰ ਕਾਵਿ-ਰਚਨਾ ਸਾਦਗੀ, ਸਹਿਜਤਾ, ਰਵਾਨੀ, ਲੈਅ,
ਸੰਗੀਤਕਤਾ, ਰਸਕਤਾ ਦੇ ਗੁਣ ਲੱਛਣਾ ਨਾਲ ਭਰਪੂਰ ਹੈ,
ਕਿਤੇ ਵੀ ਵਿਰੋਧਾਭਾਸ ਨਹੀਂ ਹੈ।
ਸਮੁੱਚੇ ਰੂਪ ਵਿੱਚ ਇਸ ਸੰਗ੍ਰਹਿ ਦੀਆਂ ਸਮੁੱਚੀਆਂ
ਕਵਿਤਾਵਾਂ ਹੈਵਾਨੀਅਤ ਜਾਂ ਵਹਿਸ਼ੀਪੁਣੇ ਤੋਂ ਇਨਸਾਨੀਅਤ
ਤੱਕ ਦੇ ਸਫ਼ਰ ਦਾ ਕਾਵਿ-ਬਿੰਬ ਉਸਾਰਦੀਆਂ ਹਨ।
ਦੁੱਖ, ਸੋਗ, ਦਲਿੱਦਰ, ਹਾਰ, ਡਰਪੋਕਪੁਣਾ, ਸਵੈ-ਹਿਤ
ਆਦਿ ਜਿਹੀਆਂ ਧਾਰਨਾਵਾਂ ਨੂੰ ਮਨੁੱਖ ਵਿੱਚੋਂ ਖ਼ਤਮ ਕਰਕੇ
ਨੇਕ-ਇਨਸਾਨੀਅਤ, ਖੁਸ਼ੀ-ਖੇੜਾ, ਸੰਘਰਸ਼, ਹੌਂਸਲਾ, ਹਿੰਮਤ,
ਸਾਹਸ, ਬਹਾਦਰੀ ਅਤੇ ਪਰ-ਹਿਤ ਲਈ ਜੂਝਣ ਜਿਹੇ
ਸਰੋਕਾਰਾਂ ਦਾ ਉਲੇਖ ਇਨ੍ਹਾਂ ਕਵਿਤਾਵਾਂ ਦਾ ਮੁੱਖ ਮੰਤਵ ਹੈ।
ਚੰਗੇ ਮਨੁੱਖ ਦੀ ਹੋਂਦ-ਸਥਿਤੀ ਨੂੰ ਬਣਾਉਣਾ, ਉਸ ਨੂੰ
ਸਮਾਜਿਕ, ਰਾਜਨੀਤਕ, ਨੈਤਿਕ, ਧਾਰਮਿਕ ਅਤੇ
ਆਰਥਿਕ ਪ੍ਰਸਥਿਤੀਆਂ ਤੋਂ ਉਤਪੰਨ ਹੋਈਆਂ ਅਧੋਗਤੀਆਂ
ਤੋਂ ਬਾਹਰ ਨਿਕਲਣ ਦਾ ਮਾਰਗ ਦੱਸਣਾ ਇਨ੍ਹਾਂ ਕਵਿਤਾਵਾਂ
ਦਾ ਕੇਂਦਰੀ ਦ੍ਰਿਸ਼ਟੀ-ਬਿੰਦੂ ਹੈ। ਅਜੋਕਾ ਮਨੁੱਖ ਜੋ
ਖ਼ਪਤਕਾਰੀ ਰੁਚੀਆਂ ਦਾ ਸ਼ਿਕਾਰ ਹੋ ਚੁੱਕਾ ਹੈ, ਉਸ
ਵਿੱਚ ਗੁਰੂ-ਪੀਰਾਂ, ਬਹਾਦਰਾਂ, ਸੂਰਬੀਰਾਂ ਦੁਆਰਾ ਕੀਤੇ
ਗਏ ਦੁਨਿਆਵੀ-ਭਲੇ ਦੇ ਕਾਰਜਾਂ/ ਸੁਨੇਹਿਆਂ ਨੂੰ ਦ੍ਰਿੜਾਉਣਾ
ਇਨ੍ਹਾਂ ਕਵਿਤਾਵਾਂ ਦਾ ਮਾਰਮਿਕ ਗੁਣ ਹੈ। ਇਸ ਖਾਤਰ ਕਵੀ
ਵਿਭਿੰਨ ਸ਼ਹੀਦਾਂ ਦੇ ਨਾਵਾਂ ਤੋਂ ਇਲਾਵਾ, ਗੁਰੂ ਨਾਨਕ,
ਗੁਰੂ ਰਵੀਦਾਸ ਜਿਹੇ ਮਹਾਂਪੁਰਖਾਂ ਦੇ ਜੀਵਨ ਸੰਦੇਸ਼ਾਂ ਨੂੰ
ਵੀ ਕਾਵਿ-ਰੂਪਾ ਰਾਹੀਂ ਪੇਸ਼ ਕਰਦਾ ਹੋਇਆ ਮਨੁੱਖ ਨੂੰ
ਮਨੁੱਖ ਦਾ ਹਮਦਰਦ ਬਣਨ ਦੀ ਪ੍ਰੇਰਨਾ ਦਿੰਦਾ ਹੈ ਅਤੇ
ਆਪਣੇ ਸਬਰ ਨੂੰ ਸਾਗਰ ਜਿੱਡਾ ਵਿਸ਼ਾਲ
ਕਰਨ ਦੀ ਹਾਮੀ ਭਰਦਾ ਹੈ।
ਇਨ੍ਹਾਂ ਕਵਿਤਾਵਾਂ ਰਾਹੀਂ ਕਵੀ ਇਹੋ ਜਿਹੀ ਮਾਨਵਤਾ
ਸਿਰਜਣੀ ਚਾਹੁੰਦਾ ਹੈ, ਜਿੱਥੇ ਮਨੁੱਖੀ ਦੁੱਖ ਦਰਦ ਤੇ
ਭ੍ਰਿਸ਼ਟਾਚਾਰ ਜਿਹੀਆਂ ਬਿਮਾਰੀਆਂ ਨਾ ਰਹਿਣ
ਸਗੋਂ ਸਭ ਪਾਸੇ ਸਾਂਝੀਵਾਲਤਾ, ਆਪਸੀ ਪਿਆਰ
ਵਾਲੇ ਭਾਈਚਾਰੇ ਦਾ ਬੋਲਬਾਲਾ ਹੋਵੇ।
- ਡਾ: ਜਗੀਰ ਸਿੰਘ ਨੂਰ
ਅਜੀਤ ਅਖ਼ਬਾਰ / 2011